Abstract
ਸਾਰੇ ਦੇਸ਼ਾਂ ਦੇ ਲੋਕਾਂ ਦੇ ਵਿੱਚ ਆਜ਼ਾਦੀ, ਸਦਭਾਵਨਾ, ਸ਼ਾਤੀ ਅਤੇ ਖੁਸ਼ਹਾਲੀ ਵਾਲੀ ਆਦਰਸ਼ ਹਾਲਤ ਦੀ ਸਥਾਪਨਾ ਦਾ ਨਾਂ ਹੀ ਵਿਸ਼ਵ ਸ਼ਾਂਤੀ ਹੈ। ਹਿੰਸਾ ਤੋਂ ਮੁਕਤ ਵਿਸ਼ਵ ਸ਼ਾਂਤੀ ਦਾ ਇਹ ਆਦਰਸ਼, ਲੋਕਾਂ ਅਤੇ ਕੌਮਾਂ ਨੂੰ ਸਵੈ-ਇੱਛੁਕ ਰੂਪ ਵਿਚ ਯੁੱਧ ਰੋਕਣ ਦਾ ਅਧਾਰ ਪ੍ਰਦਾਨ ਕਰਦਾ ਹੈ। ਬੇਸ਼ਕ ਵੱਖੋ ਵੱਖਰੇ ਧਰਮਾਂ, ਸਭਿਆਚਾਰਾਂ, ਫਲਸਫਿਆਂ ਤੇ ਸੰਸਥਾਵਾਂ ਦੇ ਅਜਿਹੀ ਆਦਰਸ਼ ਹਾਲਤ ਦੀ ਸਥਾਪਨਾ ਬਾਰੇ ਵਿਚਾਰ ਭਿੰਨ ਭਿੰਨ ਹੋ ਸਕਦੇ ਹਨ, ਪਰ ਉਨ੍ਹਾਂ ਸਭ ਦਾ ਇਕ ਸਾਂਝਾ ਵਿਚਾਰ ਤਾਂ ਇਹੋ ਹੀ ਹੈ ਕਿ ਧਰਤ-ਵਾਸੀ ਸਮੂਹ ਕੌਮਾਂ ਵਿਚ ਜੰਗ ਦੇ ਹਾਲਾਤ ਖਤਮ ਹੋਣੇ ਚਾਹੀਦੇ ਹਨ । ਵਿਸ਼ਵ ਸ਼ਾਂਤੀ, ਧਾਰਮਿਕ ਅਤੇ ਧਰਮ ਨਿਰਪੱਖ ਸੰਗਠਨਾਂ ਦੇ ਸਾਂਝੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਸਕਦੀ ਹੈ, ਖਾਸ ਕਰ ਅਜਿਹੇ ਸੰਗਠਨ ਜੋ ਮਨੁੱਖੀ ਅਧਿਕਾਰਾਂ ਤੇ ਸਿੱਖਿਆ ਦੇ ਵਿਕਾਸ ਅਤੇ ਜੰਗੀ ਹਾਲਾਤਾਂ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਨਾਲ ਸੰਬਧਿਤ ਹੋਣ ।
ਸਾਰੇ ਧਰਮ ਅਮਨ, ਮੇਲ ਮਿਲਾਪ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਸਮੋਈ ਬੈਠੇ ਹਨ। ਸਿੱਖ ਧਰਮ ਲਈ ਵੀ ਇਹੋ ਹੀ ਸੱਚ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਵਿਅਕਤੀਆਂ, ਫਿਰਕਿਆਂ ਅਤੇ ਕੌਮਾਂ ਦਰਮਿਆਨ ਸ਼ਾਂਤਮਈ ਸਹਿਹੌਂਦ ਸੰਭਵ ਹੈ ਬਸ਼ਰਤੇ ਕਿ ਸਾਰਿਆਂ ਲਈ ਆਜ਼ਾਦੀ, ਨਿਆਂ, ਸਵੈਮਾਣਤਾ ਅਤੇ ਬਰਾਬਰੀ ਦੇ ਹੱਕਾਂ ਦੀ ਗਰੰਟੀ ਹੋਵੇ। ਸਿੱਖ ਧਰਮ ਆਪਣੇ ਵਿਸ਼ੇਸ਼ ਸਿਧਾਂਤਾਂ ਖਾਸ ਕਰ ਸਤਸੰਗਤ, ਲੰਗਰ, ਪੰਗਤ, ਵੰਡ ਛਕਣਾ, ਕੁਦਰਤ ਨਾਲ ਪਿਆਰ, ਸਰਬੱਤ ਦਾ ਭਲਾ, ਸੇਵਾ, ਵਿਸ਼ਵਵਿਆਪੀ ਭਾਈਚਾਰਾ, ਨਿਆਂ, ਆਜ਼ਾਦੀ ਅਤੇ ਸਾਂਝੀਵਾਲਤਾ ਨਾਲ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਦੇ ਸਾਡੇ ਮਨਚਾਹੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਵਿਹਾਰਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।
ਅਜੋਕੇ ਸਮੇਂ ਦੌਰਾਨ ਪੂਰਾ ਵਿਸ਼ਵ ਹੀ ਸੰਕਟਮਈ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਇੱਕੀਵੀਂ ਸਦੀ ਦੇ ਮੁੱਢਲੇ ਸਾਲਾਂ ਦੌਰਾਨ, ਮਨੁੱਖੀ ਹੌਂਦ ਨੂੰ ਹੀ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਣੀ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਅਤੇ ਸਮਾਜ ਵਿਚ ਰਿਸ਼ਵਤ ਖੋਰੀ ਦਾ ਵੱਡੇ ਪੈਮਾਨੇ ਉੱਤੇ ਚਲਣ, ਸਾਡੇ ਕੁਦਰਤੀ ਤੇ ਸਮਾਜਿਕ ਮਾਹੌਲ ਨੁੰ ਵੱਡੀ ਢਾਹ ਲਾ ਰਹੇ ਹਨ। ਮਾਦਕ ਪਦਾਰਥਾਂ ਦੀ ਲਗਾਤਾਰ ਵਧ ਰਹੀ ਵਰਤੋਂ ਤੇ ਏਡਜ਼ ਵਰਗੀਆਂ ਭਿਆਨਕ ਬੀਮਾਰੀਆਂ ਦੇ ਦੈਂਤਾਂ ਨੇ ਮਨੁੱਖੀ ਜੀਵਨ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਆਤੰਕਵਾਦ ਵਿਚ ਵਾਧੇ ਅਤੇ ਕੌਮਾਂ ਵਿਚਕਾਰ ਰਾਜਨੀਤਕ ਦਵੈਸ਼ ਨੇ ਵਿਸ਼ਵ ਸ਼ਾਂਤੀ ਨੂੰ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਅਜਿਹੇ ਸੰਕਟਮਈ ਹਾਲਾਤਾਂ ਵਿਚ ਮਨੁੱਖਤਾ ਦੇ ਸਿਰ ਉਪਰ ਵਿਨਾਸ਼ ਦੇ ਬੱਦਲ ਮੰਡਰਾ ਰਹੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਸਿੱਖੀ ਸਿਧਾਂਤ, ਮਨੁੱਖੀ ਜੀਵਨ ਲਈ ਖ਼ਤਰਾ ਬਣੇ ਮੌਜੂਦਾ ਹਾਲਾਤਾਂ ਤੋਂ ਮੁਕਤੀ ਦਾ ਰਾਹ ਦਿਖਾਉਣ ਦੇ ਸਮਰਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਵਿਸ਼ਵ ਭਰ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਸਥਾਪਨਾ ਲਈ ਸੁਯੋਗ ਰਾਹਨੁਮਾਈ ਪ੍ਰਦਾਨ ਕਰਨ ਵਾਲਾ, ਇਕ ਵੱਡਮੁੱਲਾ ਗ੍ਰੰਥ ਹੈ। ਇਸ ਵਿਚ ਮੌਜੂਦ ਸਿਧਾਂਤ ਸਮੂਹ ਮਾਨਵਤਾ ਲਈ ਅਮਲਯੋਗ ਹਨ ਤੇ ਜੋ ਅਜੋਕੇ ਸਮੇਂ ਦੌਰਾਨ ਤੇ ਭਵਿੱਖ ਲਈ ਵੀ ਬਹੁਤ ਸਾਰਥਕਤਾ ਰੱਖਦੇ ਹਨ।