Punjab Times (
2019)
Copy
BIBTEX
Abstract
“ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਦੀ ਲੇਖਿਕਾ ਡਾ. ਕੁਲਦੀਪ ਕੌਰ, ਜਿਥੇ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਤੇ ਖੋਜ ਕਾਰਜਾਂ ਨੂੰ ਸਮਰਪਿਤ ਹੈ, ਉਥੇ ਸਿੱਖ ਧਰਮ ਦੀ ਨਿਸ਼ਠਾਵਾਨ ਚਿੰਤਕ ਵਜੋਂ ਵੀ ਉਨੀ ਹੀ ਮਕਬੂਲ ਹੈ। ਅੱਜ ਕਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿਖੇ ਐਸੋਸੀਏਟ ਪ੍ਰੋਫੈਸਰ ਹੈ। ਉਸ ਨੇ ਹੁਣ ਤਕ ਅੱਠ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚ ਉਸ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ-ਕਵਿਤਾਵਾਂ, ਨਿਬੰਧ ਵਾਰਤਕ, ਸੰਪਾਦਨ ਅਤੇ ਸਮੀਖਿਆ ‘ਤੇ ਹੱਥ-ਅਜ਼ਮਾਈ ਕੀਤੀ ਹੈ। ਸਿੱਖ ਦਰਸ਼ਨ ਸਬੰਧੀ ਗੁਰਬਾਣੀ ਵਿਚ “ਸ਼ਬਦ ਰਹੱਸ” ਅਤੇ Ḕਬ੍ਰਹਿਮੰਡੀ ਪਰਿਪੇਖ” ਦੀ ਪੜਚੋਲ ਉਸ ਦੀ ਵਿਸ਼ੇਸ਼ ਦਿਲਚਸਪੀ ਦਾ ਖੇਤਰ ਰਹੇ ਹਨ।
ਡਾ. ਕੁਲਦੀਪ ਕੌਰ ਨੇ “ਗੁਰੂ ਗ੍ਰੰਥ ਸਾਹਿਬ: ਬ੍ਰਹਿਮੰਡੀ ਸਰੋਕਾਰ” ਕਿਤਾਬ ਵਿਚ “ਆਰੰਭਕਾ” ਅਤੇ “ਮੇਰਾ ਪੱਖ” ਨਿਬੰਧਾਂ ਤੋਂ ਇਲਾਵਾ ਪੰਜ ਕਾਂਡ ਸ਼ਾਮਿਲ ਕੀਤੇ ਹਨ। ਇਸ ਦੇ ਬਾਅਦ ਨਿਸ਼ਕਰਸ਼ ਅਤੇ ਸੰਦਰਭਿਕਾ ਦਾ ਵਰਣਨ ਹੈ। ਕਿਤਾਬ “ਸੰਪੂਰਨ ਗੁਰੂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸਮਰਪਿਤ ਹੈ। ਸ਼ੁਰੂ ਵਿਚ “ਬ੍ਰਹਿਮੰਡੀ ਗੀਤ” ਦੇ ਸਿਰਲੇਖ ਹੇਠ ਗੁਰੂ ਨਾਨਕ ਸਾਹਿਬ ਦੀ ਰਚੀ ਆਰਤੀ ਹੈ, ਜੋ ਲੇਖਿਕਾ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਲਗਾਉ ਦੇ ਨਾਲ ਨਾਲ ਕਿਤਾਬ ਦੇ ਮੂਲ ਵਿਸ਼ੇ ਦਾ ਪ੍ਰਤੀਕ ਹੈ।
ਪੁਸਤਕ ਦੇ ਅਰੰਭਕ ਲੇਖ ਵਿਚ ਡਾ. ਕੁਲਦੀਪ ਕੌਰ ਦਾ ਕਥਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਧਾਰਮਿਕ ਗ੍ਰੰਥ ਹੈ, ਜੋ ਬ੍ਰਹਮ-ਆਧਾਰਿਤ ਵਿਸ਼ਵ-ਦ੍ਰਿਸ਼ਟੀ ਨੂੰ ਪੂਰੇ ਬ੍ਰਹਿਮੰਡ ਦੇ ਸੰਦਰਭ ਵਿਚ ਪੇਸ਼ ਕਰਦਾ ਹੈ। 12ਵੀਂ ਤੋਂ 16ਵੀਂ ਸਦੀ ਦੌਰਾਨ ਰਚੀ ਗਈ ਇਸ ਬਾਣੀ ਵਿਚ ਮੌਜੂਦ ਸਰੋਕਾਰ ਸਮਕਾਲੀ ਪ੍ਰਸੰਗ ਨਾਲ ਮੇਲ ਖਾਂਦੇ ਹਨ। ਉਨ੍ਹਾਂ ਅਨੁਸਾਰ ਵਰਤਮਾਨ ਸਮੇਂ ਧਰਮ ਤੇ ਵਿਗਿਆਨ ਦੇ ਖੇਤਰ ਵਿਚ ਸੁਮੇਲ ਦੋਹਾਂ ਹੀ ਖੇਤਰਾਂ ਵਿਚ ਨਵੀਆਂ ਉਪਲਬਧੀਆਂ ਦੀ ਜਨਮਦਾਤਾ ਬਣ ਰਹੀ ਹੈ। ਸਮੇਂ ਨਾਲ ਵਿਗਿਆਨ ਤੇ ਰਹੱਸਵਾਦ ਮਨੁੱਖੀ ਸੂਝ-ਬੂਝ ਦੇ ਪ੍ਰਗਟਾ ਦੇ ਨਾਲ ਨਾਲ ਇਕ ਦੂਜੇ ਦੇ ਪੂਰਕ ਵਜੋਂ ਵੀ ਪ੍ਰਗਟ ਹੋ ਰਹੇ ਹਨ। ਬੇਸ਼ਕ ਵਿਗਿਆਨ ਜਾਂ ਰਹੱਸਵਾਦ ਇਕ ਦੂਜੇ ਉਤੇ ਨਿਰਭਰ ਨਹੀਂ ਕਰਦੇ, ਪਰ ਮਨੁੱਖ ਨੂੰ ਦੋਹਾਂ ਦੀ ਲੋੜ ਹੈ। ਕਿਉਂਕਿ ਭੌਤਿਕ ਜਗਤ ਨੂੰ ਜਾਣਨ ਲਈ ਵਿਗਿਆਨ ਦੀ ਲੋੜ ਪੈਂਦੀ ਹੈ ਅਤੇ ਅੰਤਰ-ਜਗਤ ਨੂੰ ਸਮਝਣ ਲਈ ਰਹੱਸ-ਅਨੁਭੂਤੀ ਦੀ। ਭੌਤਿਕਵਾਦੀ ਪਦਾਰਥ ਦੀ ਅਤੇ ਰਹੱਸਵਾਦੀ ਮਨੁੱਖੀ ਚੇਤਨਾ ਦੇ ਪੱਧਰਾਂ ਦੀ ਖੋਜ ਕਰਦੇ ਹਨ। ਦੋਵੇਂ ਹੀ ਖੇਤਰ ਸਾਧਾਰਣ ਇੰਦਰੀ-ਬੋਧ ਦੀ ਹੱਦ ਤੋਂ ਪਾਰ ਮੌਜੂਦਗੀ ਵਾਲੀ ਗੁਣਤਾ ਦੇ ਧਾਰਨੀ ਹਨ।